Thursday, February 22, 2024

ਅੱਖ ਨਾ ਮਿਲੇ ਦੁਬਾਰਾ p2

 ਅੱਖ ਨਾ ਮਿਲੇ ਦੁਬਾਰਾ


ਯਾਰੀ ਲਾ ਇੱਕ ਨਾਲ ਛੱਡ ਦਈਏ

ਇਹ ਸਾਡੀ ਜਹਨ ਲਈ ਗਵਾਰਾ ਨਹੀਂ

ਅੱਖ ਮਿਲੀ ਜਿੱਥੇ ਇੱਕ ਬਾਰੀ

ਮਿਲਦੀ ਫੇਰ ਉਹ ਕਿਤੇ ਦੁਬਾਰਾ ਨਹੀਂ

ਚੇਹਰਾ ਵੇਖ ਦਿਲ ਸਾਡਾ ਖਿਲੇ 

ਹੋਰ ਕੋਈ ਦੇਖਣ ਦਾ ਨਜ਼ਾਰਾ ਨਹੀਂ

ਬਿਨ ਉਸ ਦਿਲ ਹੋਰ ਕੁੱਛ ਭੌਂਦਾ ਨਹੀਂ

ਗੀਤ ਗਾਵੇ ਉਸ ਦੇ ਹੋਰ ਗੀਤ ਔਂਦਾ ਨਹੀਂ 

ਮੋਤੀ ਦੰਦ ਦਿਖਾ ਜਦ ਹੱਸੇ

ਖ਼ੁਸ਼ੀਆਂ ਦੀ ਬਰਖਾ ਭਰ ਆਏ

ਤੀਰ ਅੱਖਾਂ ਨਾਲ ਮਾਰ 

ਦਿਲ ਛੱਨੀ ਸਾਡਾ ਕਰ ਜਾਏ

ਦਿਨੇ ਜੀਣਾ ਕੀਤਾ ਹਰਾਮ ਯਾਦ ਨੇ

ਰਾਤ ਨੀਂਦ ਵੀ ਉਹ ਚੁਰਾ ਗਈ

ਖ਼ੁਸ਼ਬੂ ਬਦਨ ਦੀ ਐਸੀ ਆਈ

ਸੁੰਘ ਭੱਮਰੇ ਤੇ ਮਸਤੀ ਛਾਹ ਗਈ

ਮਾਸੂਮ ਸਮਝ ਨਾ ਸਕਿਆ ਖੇਲ ਉਸ ਦਾ

ਖਿਲਵਾੜ ਕਰ ਸਾਡੇ ਨਾਲ, ਨਾਲ ਗੈਰਾਂ ਉੱੜ  ਗਈ ਉਹ

ਉਡੀਕਦੇ ਹਰੇ ਵਾਧੇ ਵਾਲੇ ਥਾਂ

ਬਿਨਾਂ ਅੱਖ ਮਿਲਾਏ ਉੱਥੋਂ ਟੁਰ ਗਈ ਉਹ

Tuesday, February 20, 2024

ਸਿਖਿਆ ਯਾਦ ਰੱਖੀਂ p2

 ਸਿਖਿਆ ਯਾਦ ਰਖੀਂ


ਬੀਤੀ ਲਈ ਰੋਂਵੇਂ ਕਿਓਂ ਜਸਿਆ

ਕੁੱਛ ਖੋਹ ਕੇ ਹੌਂਕੇ ਭਰੇਂ

ਕਹਿੜੀ ਐਸ਼ ਤੂੰ ਨਹੀਂ ਛੱਡੀ

ਕਿਸ ਗਲਤੀ ਦਾ ਅਫਸੋਸ ਕਰੇਂ

ਚੰਗੇ ਕੰਮ ਨੂੰ ਹੱਥ ਨਾ ਪਾਇਆ

ਗਪੌੜ ਮਾਰ ਵਕਤ ਨਘਾਇਆ

ਦਿਮਾਗ਼ ਸੀ ,ਉਸ ਤੇ ਜ਼ੋਰ ਨਹੀਂ ਪਾਇਆ

ਸੌਖਾ ਜੋ ਲੱਗਾ ਉਹ ਰਾਹ ਅਪਨਾਇਆ

ਆਪਣੀ ਸਮਝ ਤੇ ਕੀਤਾ ਘੁਮੰਡ

ਆਪਣਿਆਂ ਦੀ ਸਲਾਹ ਕੀਤੀ ਖੰਢ

ਨਿਮਰਤਾ ਜੇ ਰਤੀ ਵਿਖੌਂਦਾ

ਆਦਰ ਜਹਾਨ ਵਿੱਚ ਪੌਂਦਾ

ਧੌਲੀ ਦਾੜੀ ਹੋ ਗਈ ਦੇਰ

ਗਏ ਮੌਕੇ ਨਹੀਂ ਮਿਲਣੇ ਫ਼ੇਰ

ਜੋ ਕੀਤਾ ਉਸ ਨੂੰ ਚੰਗਾ ਜਾਣ

ਬਚੀ ਹੋਈ ਸਕੂਨ ਨਾਲ ਮਾਣ

ਯਾਦ ਰੱਖੀਂ ਜੋ ਸਿਖਿਆ ਇਸ ਵਾਰੀ

ਕੰਮ ਆਊ ਤੇਰੇ ਅਗਰ ਬਖਛੂ ਫਿਰ ਪਾਰੀ

ਹਮ ਉਮਰੋ ਹੋਸ਼ਿਆਰ p2

 ਹਮ ਉਮਰੋ ਹੋਸ਼ਿਆਰ


ਪਰੀ ਇਕ ਨੂੰ ਅੱਖ ਮੈਂ ਮਾਰੀ

ਪਲ ਘਬਰਾ ਹਸ ਪਈ ਨਾਰੀ

ਸੋਚਿਆ ਇਹ ਤਾਂ ਮੇਰੀ ਹੋ ਰਹੀ

ਫ਼ੜ ਬਾਂਹ ਉਸ ਦੀ ਕਲੀ ਮਰੋੜੀ

ਝੂੱਠਾ ਗੁੱਸਾ ਵਿਖਾ ਉਹ ਬੋਲੀ

ਕਲਾਈਂ ਮਰੋੜੀ ਤਾਂ ਮਰੋੜੀ

ਪਰ ਮੇਰੀ ਬੰਗ ਕਿਓਂ ਤੋੜੀ

ਚਾਅ ਨਾਲ ਸੀ ਮੈਂ ਪਾਈ

ਮੰਹਗੀ ਸੀ ਸਸਤੀ ਨਹੀਂ ਆਈ

ਪੁਛਿਆ ਜੇ ਸਿਰਫ਼ ਬੰਗ ਦਾ ਰੋਸ

ਉਸ ਦਾ ਨਾ ਕਰ ਅਫਸੋਸ

ਸੋਨੇ ਦੀ ਭਾਰੀ ਬੰਗ ਦਊਂ ਬਣਾ

ਆ ਜਾ ਆ ਜਾ ਬਾਂਹਾਂ ਵਿੱਚ ਆ

ਜੱਫ਼ੀ ਉਸ ਘੁੱਟ ਕੇ ਲਈ ਮੈਂ ਪਾ

ਨੱਚਾਂ,ਚੜਿਆ ਗੋਡੇ ਗੋਡੇ ਚਾਅ

ਬੁੱਲ ਮੈਂ ਸਵਾਰੇ ਉਸ ਨੂੰ ਚੁੰਮਣ ਲਈ

ਕਰਾਰੀ ਇਕ ਚਪੇੜ ਸੱਜੀ ਗੱਲ੍ਹ ਤੇ ਪਈ

ਸਪਨਾ ਟੁਟਿਆ,ਨੀਂਦ ਖੁੱਲ ਗਈ

ਬੁੱਢੀ ਪੁੱਛੇ ਕਿੱਥੇ ਰੰਗ ਰਲੀਆਂ ਮਨੌਂਦਾ

ਇਹ ਕੌਣ ਜਿਸ ਦਾ ਨਾਂ ਬੁੜ ਬੜੌਂਦਾ

ਝੂੱਠਾ ਬੋਲਿਆ ਕਿ ਝੂੱਠਾ ਬੋਲਣਾ ਨਹੀਂ ਔਂਦਾ

ਹੋਰ ਕੋਈ ਨਹੀਂ ਹੋ ਸਕਦੀ,ਗੀਤ ਮੈਂ ਤੇਰੇ ਗੌਂਦਾ

ਸੋ ਹਮ ਉਮਰੇ ਯਾਰੋ ਹੋ ਜਾਓ ਹੋਸ਼ਿਆਰ

ਸਪਨੇ ਵਿੱਚ ਵੀ ਨਾ ਸੋਚੋ, ਨਾ ਖਾਓ ਬੁੱਢੀ ਤੋਂ ਮਾਰ

Monday, February 19, 2024

ਕਰਦਾ ਜਾ ਆਪਣਾ ਕਾਰ p 2

 ਕਰਦਾ ਜਾ ਆਪਣਾ ਕਾਰ


ਹੈ ਨਹੀਂ ਪਰ ਸਮਝਾਂ ਆਪ ਨੂੰ ਫ਼ਨੇ ਖਾਂ

ਕੋਈ ਦਿਖਾਵੇ ਮੈਂਨੂੰ ਮੇਰੀ ਅਸਲੀ ਥਾਂ

ਕਹਾਂ ਮੈਂ ਚੁੱਗਲੀ ਨਹੀਂ ਕਰਦਾ

ਫਾ਼ੜਾਂ ਇੱਕ ਦਾ ਦੂਜੇ ਕੋਲ ਪਰਦਾ

ਕਹਾਂ ਧੰਨ ਦੌਲਤ ਮੈਂ ਨਾ ਮੰਗਾਂ

ਵਧਿਆ ਕਾਰ,ਵੱਡਾ ਘਰ ਲੱਗੇ ਚੰਗਾ

ਕਹਾਂ ਈਰਖਾ਼ ਦੇ ਖਿਆਲ ਮੇਰੇ ਦਿਮਾਗ਼ ਨਾ ਔਣ

ਘੱਟ ਪੜ੍ਹੇ ਮੇਰੇ ਪੜੇ ਬੱਚਿਆਂ ਤੋਂ ਜਾਦਾ ਕਮੌਣ

ਕਹਾਂ ਮੈਂ ਸ਼ਾਂਤ ਠੰਡਾ ਮੇਰਾ ਸੁਭਾਅ ਗੁੱਸਾ ਨਾ ਕਰਾਂ

ਛੋਟੀ ਕੋਈ ਗਲਤੀ ਮੇਰੀ ਕੱਢੇ ਮੈਂ ਰਤਾ ਨਾ ਜਰਾਂ

ਕਹਾਂ ਹੌਓਮਾ ਨਾ ਨਾ ਹੰਕਾਰ ਕੋਈ ਆਏ

ਹਾਰ ਖਾ ਬਹਿਸ ਵਿੱਚ ਮੂੰਹ ਅਫ਼ਸੋਸਿਆ ਜਾਏ

ਕਾਮ ਦਾ ਕਹਾਂ ਨਾ ਹੋਏ ਮੇਰੇ ਤੇ ਜਾਦੂ

ਸੁੰਦਰ ਚੇਹਰਾ ਵੇਖ ਦਿੱਲ ਧੜਕੇ ਹਰੇ ਨਾ ਕਾਬੂ

ਏਨੀਆਂ ਖ਼ਾਮਿਆਂ ਸੋਚ ਕਦੀ ਕਦਾਈਂ ਪਾਂਵਾਂ ਦੁੱਖ

ਜਿੰਦੇ ਰੰਗ ਲਿਆਈਆਂ ਖ਼ਾਮੀਆਂ ਦਿਤਾ ਕੁੱਛ ਸੁੱਖ

ਮਸਕੀਨ ਇੰਨਸਾਨ ਤੂੰ, ਨਹੀਂ ਦੇਵਤਾ ਨਾ ਅਵਤਾਰ

ਬੰਦਗੀ ਵਿੱਚ ਰਹਿ ਕਰਦਾ ਜਾ ਆਪਣਾ ਕਾਰ

Sunday, February 18, 2024

ਬੀਤਿਆ ਕਲ ਬਾਤ ਗਈ p 2

 ਬੀਤਿਆ ਕਲ ਬਾਤ ਗਈ


ਗੁਜ਼ਰਿਆ ਪਰਤ ਨਹੀਂ ਔਣਾ ਕਿਓਂ ਰੋਣਾ ਉਸ ਜ਼ਮਾਨੇ ਨੂੰ

ਅੱਜ ਦਾ ਮਸਲਾ ਹਾਵੀ ਉਨ੍ਹਾਂ ਤੇ ਭੁੱਲੇ ਉਹ ਪੁਰਾਣੇ ਨੂੰ

ਪੁਰਾਣੇ ਨਾਲ ਜਦ ਸੀ ਜੂਝਦੇ ਨਿਕਲਣਾਂ ਉੱਥੋਂ ਚਹੁੰਦੇ ਸੀ

ਕਲ ਪਰਸੋਂ ਨਾਲੋਂ ਚੌਥੇ ਚੰਗਾ ਪਰਸੋਂ ਗੀਤ ਚੌਥ ਦੇ ਗੌਂਦੇ ਸੀ

ਪੁਰਾਣਾ ਅੱਜ ਚੰਗਾ,ਪਰਖਿਆ, ਉਹ ਹੁਣ ਕੀ ਲਊ ਕਰ

ਔਣ ਵਾਲੇ ਤੋਂ ਅਨਜਾਣ ਕੀ ਲਿਆਊ, ਲੱਗੇ ਡਰ

ਭੁੱਲਣਹਾਰ ਭੁੱਲੇ ਅੱਜ ਨੇ ਕਲ ਨੇ ਪਰਸੋਂ ਬਨਣਾ ਕੁਦਰਤੀ ਅਸੂਲ

ਜ਼ਮਾਨਾ ਤਾਂ ਇੱਕ ਸਮਾਨ ਹੁੰਦਾ ਮੰਦੇ ਕੁੱਛ ਦਿਨ ਕਰੋ ਇਹ ਕਬੂਲ

ਮੰਦੇ ਚੰਗੇ ਦਿਨ ਤੁਸੀਂ ਬਣਾਏ ਇਹ ਕਰਮਾਂ ਦਾ ਫੱਲ

ਸੋਚ ਜਿਸ ਜਨ ਇਹ ਰੱਖੀਂ ਲੱਭ ਲਿਆ ਉਸ ਜੀਣ ਦਾ ਹਲ

ਸੋ ਅੱਜ ਰੱਜ ਕੇ ਜੀਓ ਰੋਓ ਨਾ ਪੁਰਾਣੇ ਕਲ ਲਈ

ਚੰਗਾ ਆਏ ਕਲ ਆਸ ਰੱਖੋ ਬੀਤੇ ਕਲ ਦੀ ਬਾਤ ਗਈ

ਸੋਚ ਜੱਸੇ ਦੀ p 2

 ਸੋਚ ਜੱਸੇ ਦੀ


ਗਰਾਈਂ ਗਰਾਈਂ ਗਲੀ ਗਲੀ ਜੱਸਾ ਗੀਤ ਗਾਏ

ਵਕਤ ਜ਼ਾਇਆ ਕਰੇ ਜੱਸੇ ਮਸਤਾਨੇ ਨੂੰ ਕੋਈ ਸਮਝਾਏ

ਜੱਸੇ ਜੋ ਜੀਵਣ ਸਿਖਿਆ ਤੇਰੇ ਲਈ ਆਇਆ ਰਾਸ

ਲਾਜ਼ਮੀ ਨਹੀਂ ਦੂਸਰੇ ਉਨ੍ਹੀਂ ਰਾਹੀਂ ਚੱਲਣ,ਰੱਖ ਨਾ ਆਸ

ਦੁਨਿਆਂ ਨੂੰ ਸਬਕ ਨਾ ਦੇ ਦੁਨਿਆਂ ਤੇਰੇ ਤੋਂ ਸਿਆਣੀ

ਅਨਮੰਗੀ ਸਲਾਹ ਤੇਰੀ ਕਿਸੇ ਦੇ ਕੰਮ ਨਹੀਂ ਆਣੀ

ਛੱਡ ਓ ਜੱਸਿਆ ਇਹ ਸੱਭ ਢੋਂਗ

ਕੱਢ ਨਾ ਇਸ ਵਿਚੋਂ ਵਾਜੂਦ ਆਪਣੀ ਹੋਂਦ

ਤੇਰੇ ਲਈ ਤੇਰਾ ਫ਼ਲਸਫ਼ਾ ਰਿਆ ਠੀਕ

ਸੋਚ ਵਖਰੀ ਰੱਖਦੇ ਤੇਰੀ ਮਨਣ, ਰੱਖ ਨਾ ਉਮੀਦ

ਲੋਕ ਤੇਰੀ ਸੋਚ ਤੇ ਹੱਸਣ,ਸੋਚ ਤੂੰ ਪਾਏਂ ਦੁੱਖ

ਜੀਵਣ ਜੀ ਲਿਆ ਆਪਣੇ ਤਰੀਕੇ, ਸੋਚ ਕੇ ਰਹਿ ਖੁਸ਼

ਮੇਰਾ ਤਾਰਾ ਪਿਆਰਾ p 2

 ਕਿਸਮਤ ਦਾ ਤਾਰਾ


ਤਾਰਿਆਂ ਵਿੱਚੋਂ ਤਾਰਾ ਮੈਂ ਲੱਭਿਆ

ਮੇਰਾ ਤਾਰਾ ਪਿਆਰਾ

ਚੰਦ ਨਾਲੋਂ ਮਨਮੋਹਣਾ ਮੁੱਖੜਾ

ਪਿਆਰਾ ਮੇਰਾ ਤਾਰਾ

ਕੱਠੇ ਅਸੀਂ

ਝੱਖੜ ਝੇਲੇ

ਖੇਲ ਖੇਲੇ

ਵੇਖੇ ਮੇਲੇ

ਰਹੇ ਸੰਘ ਸਹਾਈ

ਚੰਗੀ ਗ੍ਰਿਸਤ ਨਿਭਾਈ

ਜਵਾਨੀ ਲੰਘੀ ਮਧ ਬੀਤਿਆ

ਉਮਰ ਸਕੂਨ ਲੈ ਆਈ

ਜੀਣ ਦਾ ਮਜ਼ਾ ਮਾਣਿਆ

ਸੱਚ ਜਾਣੀਂ ਮੇਰੇ ਭਾਈ

ਮੇਰਾ ਤਾਰਾ ਪਿਆਰਾ ਲੱਗੇ

ਕਿਸਮਤ ਉਸ ਤਾਰੇ ਬਣਾਈ

ਹੋਰ ਨਾ ਮੰਗਾਂ ਦੇਣਵਾਲੇ ਤੋਂ

ਜਨਤ ਮੈਂ ਇੱਥੇ ਪਾਈ