ਹੱਸਣ ਦਾ ਆ ਗਿਆ ਵਾਹ
ਉਮਰ ਦੇ ਨਾਲ ਹੱਸਣ ਦਾ ਮੈਂਨੂੰ ਆ ਗਿਆ ਵਾਹ
ਗੁੱਸੇ ਨਾ ਹੋਂਵਾਂ ਫ਼ਿਕਰ ਘੱਟ ਮੈਂਨੂੰ ਗੋਡੇ ਗੋਡੇ ਚਾਅ
ਸੁਹੇਲੇ ਦਿਨ ਸਕੂਨ ਦੀ ਨੀਂਦ ਆਏ ਜੀਣ ਦਾ ਮਜ਼ਾ
ਡਰਦਾ ਰਿਹਾ ਸੋਚ ਕੇ ਕਿ ਕੀ ਹੋਊ ਜੇ ਹੋਊ ਆਹ
ਉਹ ਨਾ ਹੋਇਆ ਫ਼ਿਕਰ ਮੈਂ ਕੀਤਾ ਖ਼ਾਹਮ ਖਾਹ
ਬੀਵੀ ਕਹੇ ਨਕਮਾਂ ਥੌਹਹੀਣ ਮੈਂ ਹੋਵਾਂ ਨਾ ਖ਼ਫ਼ਾ
ਦਿਲੇ ਨਾ ਲਾਂਵਾਂ ਕਵਿਤਾ ਮੇਰੀ ਨੂੰ ਕਹੇ ਖੇਹ ਤੇ ਸੁਆ
ਅਣਸੁਣੇ ਕਰਾਂ ਅੱਜਕਲ ਬੀਵੀ ਦੇ ਤਾਹਨੇ
ਗਲਤੀਆਂ ਢੱਕਣ ਲਈ ਔਂਣ ਸੌ ਸੌ ਬਹਾਨੇ
ਮੈਂ ਨਹੀਂ ਸੁਧਰਨਾ ਉਸੇ ਆ ਗਿਆ ਹੁਣ ਯਕੀਨ
ਇਹ ਵੀ ਮੰਨੇ ਬੁਰਾ ਨਾ ਸਿਰਫ ਥੋੜਾ ਦਾਰੂ ਦਾ ਸ਼ੌਕੀਨ
ਮਰਜ਼ੀ ਤੇ ਹਿਸਾਬ ਨਾਲ ਪੀਵਾਂ ਉਹ ਮੂੰਹ ਨਾ ਬਣਾਏ
ਚੁੱਪ ਕਰ ਭੁਜੀ ਮੂੰਗਫ਼ਲੀ ਰੱਖੇ ਅੱਗੇ ਲੈਕਚਰ ਨਾ ਸੁਣਾਏ
ਪੈਸੇ ਬਾਰੇ ਵੀ ਛੱਡ ਦਿੱਤਾ ਉਸ ਨੇ ਕਰਨਾ ਤੰਗ
ਉਸ ਦੀ ਉਮਰ ਆਈ ਘੱਟ ਹੋਈ ਉਸ ਦੀ ਮੰਗ
ਮਾਰ ਲਈ ਅੰਦਰੋਂ ਮਰਦਾਨਗੀ ਜੀ ਹਜ਼ੂਰੀ ਕਰਾਂ
ਕਦੀ ਕਦਾਈਂ ਸੁਣਾਏ ਮੈਂਨੂੰ ਮੈਂ ਸਯਮ ਨਾਲ ਜਰਾਂ
ਨੋਕ ਝੋਕ ਘੱਟ ਘੱਟ ਲੜਾਈਆਂ ਗਹਿਰੀ ਹੋਈ ਯਾਰੀ
ਦਿਲੀਂ ਪਿਆਰ ਅਮਰ ਜਿੰਦ ਲੱਗਣ ਲੱਗੀ ਪਿਆਰੀ
ਬਾਬੇ ਦੀ ਹਰ ਪੱਖੋਂ ਕ੍ਰਿਪਾ ਮਾਯੂਸੀ ਦੀ ਨਾ ਕੋਈ ਵਜਾਹ
ਉਮਰ ਨਾਲ ਹੱਸਣ ਦਾ ਵਾਹ ਮੈਂਨੂੰ ਮੈਂਨੂੰ ਗੋਡੇ ਗੋਡੇ ਚਾਅ
No comments:
Post a Comment